ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਪੁਰਾਣੇ ਵੀਡੀਓ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 26 ਸਤੰਬਰ 2021 ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ। ਰਾਜਾ ਵੜਿੰਗ ਜਦੋਂ ਤੋਂ ਟਰਾਂਸਪੋਰਟ ਮੰਤਰੀ ਬਣੇ ਹਨ, ਉਦੋਂ ਤੋਂ ਹੀ ਸੁਰਖੀਆਂ ਵਿੱਚ ਛਾਏ ਰਹਿੰਦੇ ਹਨ। ਉਨ੍ਹਾਂ ਨਾਲ ਜੁੜਿਆ ਇੱਕ 6 ਸੈਕਿੰਡ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਕਲਿੱਪ ਵਿੱਚ ਉਨ੍ਹਾਂ ਨੂੰ ਇੱਕ ਵਿਅਕਤੀ ਦੇ ਥੱਪੜ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰਾਜਾ ਵੜਿੰਗ ਦੀ ਹਾਲੀਆ ਵੀਡੀਓ ਹੈ ਅਤੇ ਉਨ੍ਹਾਂ ਨੇ ਆਪਣੇ ਹੀ ਬੰਦੇ ਦੇ ਥੱਪੜ ਮਾਰਿਆ ਹੈ। ਵਿਸ਼ਵਾਸ ਨਿਊਜ਼ ਨੇ ਇਸ ਵੀਡੀਓ ਕਲਿਪ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵਾਇਰਲ ਵੀਡੀਓ ਕਲਿਪ ਪੁਰਾਣਾ ਹੈ । ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ” Bhupinder Chahar ” ਨੇ 01 ਦਸੰਬਰ ਨੂੰ ਇਹ ਵੀਡੀਓ ਕਲਿਪ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ “ਰਾਜਾ ਵੜਿੰਗ ਦਾ ਨਵਾਂ ਕਾਰਨਾਮਾ , ਆਪਣੇ ਹੀ ਬੰਦੇ ਦੇ ਮਾਰਿਆ ਥੱਪੜ”
ਫੇਸਬੁੱਕ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ , ਜੇਕਰ ਵੀਡੀਓ ਹਾਲੀਆ ਹੁੰਦਾ ਤਾਂ ਇਸ ਵਿੱਚ ਲੋਕਾਂ ਨੇ ਮਾਸਕ ਜ਼ਰੂਰ ਪਾਇਆ ਹੁੰਦਾ ਪਰ ਵੀਡੀਓ ਵਿੱਚ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਹੈ। ਅਸੀਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ( Raja warring Slap ) ਕੀਵਰਡ ਨਾਲ ਸਰਚ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ 2019 ਦੀਆਂ ਕਈ ਖਬਰਾਂ ਮਿਲੀਆਂ ਪਰ ਕਿਸੇ ਅਦਾਰੇ ਨੇ ਵੀ ਵੀਡੀਓ ਦੀ ਅਸਲ ਪੁਸ਼ਟੀ ਪੁਖਤਾ ਤੌਰ ‘ਤੇ ਨਹੀਂ ਕੀਤੀ। ਸਾਨੂੰ PTC News ਦੇ ਯੂਟਿਊਬ ਚੈਨਲ ਤੇ 30 ਅਪ੍ਰੈਲ 2019 ਨੂੰ ਅਪਲੋਡ ਇੱਕ ਵੀਡੀਓ ਮਿਲਿਆ। ਵੀਡੀਓ ਨੂੰ ਅਪਲੋਡ ਕਰ ਲਿਖਿਆ ਹੋਇਆ ਸੀ” Raja Waring ਨਾਲ ਜੁੜਿਆ ਇੱਕ ਹੋਰ ਸਨਸਨੀਖੇਜ਼ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ” ਖਬਰ ਅਨੁਸਾਰ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ, ਇਸਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ।
Daily Post Punjabi ਦੇ ਫੇਸਬੁੱਕ ਪੇਜ ਤੇ 29 ਅਪ੍ਰੈਲ 2019 ਨੂੰ ਇਹ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਿਆ। ਵੀਡੀਓ ਵਿੱਚ ਦੱਸਿਆ ਗਿਆ ਕਿ ਵੀਡੀਓ ਪੁਰਾਣਾ ਹੈ ਅਤੇ ਰਾਜਾ ਵੜਿੰਗ ਨੇ ਜਿਸਨੂੰ ਥੱਪੜ ਮਾਰਿਆ ਉਹ ਉਨ੍ਹਾਂ ਦਾ ਭਰਾ ਸੀ। ਵੀਡੀਓ ਨਾਲ ਲਿਖਿਆ ਹੋਇਆ ਹੈ ਕਿ ਡੇਲੀ ਪੋਸਟ ਇਸ ਵੀਡੀਓ ਦੀ ਤਸਦੀਕ ਨਹੀਂ ਕਰਦਾ ਹੈ। ਤੁਸੀਂ ਵੀਡੀਓ ਨੂੰ ਇੱਥੇ ਦੇਖੋ।
ਸਾਨੂੰ tribuneindia.com ਦੀ ਇਸ ਮਾਮਲੇ ਨੂੰ ਲੈ ਕੇ ਪੂਰੀ ਖਬਰ ਮਿਲੀ। Tribune ਦੀ ਇਸ ਖਬਰ ਵਿੱਚ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ। ਇਸ ਖਬਰ ਵਿੱਚ ਸਾਫ ਦੱਸਿਆ ਗਿਆ ਕਿ ਵੀਡੀਓ 30 ਅਪ੍ਰੈਲ 2014 ਦਾ ਹੈ ਜਦੋਂ ਰਾਜਾ ਵੜਿੰਗ ਨੇ ਆਪਣੇ ਰਿਸ਼ਤੇਦਾਰ ਨੂੰ ਥੱਪੜ ਮਾਰਿਆ ਸੀ। ਖਬਰ ਅਨੁਸਾਰ ‘ਵੀਡੀਓ ਕਲਿੱਪ ਵਿੱਚ, ਰਾਜਾ ਵੜਿੰਗ ਨੂੰ ਆਪਣਾ ਆਪਾ ਖੋਂਦੇ ਹੋਏ ਦਿਖਾਇਆ ਗਿਆ ਹੈ ਜਦੋਂ ਉਨ੍ਹਾਂ ਦੇ ਰਿਸ਼ਤੇਦਾਰ ਡੰਪੀ ਨੇ 30 ਅਪ੍ਰੈਲ (ਪੰਜਾਬ ਵਿੱਚ ਮਤਦਾਨ ਵਾਲੇ ਦਿਨ) ਨੂੰ ਗਿੱਦੜਬਾਹਾ ਵਿੱਚ ਆਪਣੇ ਸਹਿਯੋਗੀ ਦੇ ਘਰ ਤੋਂ ਬਾਹਰ ਨਿਕਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ , ਇਸ ਡਰ ਤੋਂ ਕਿ ਸਥਿਤੀ ਹਿੰਸਕ ਹੋ ਜਾਵੇਗੀ ਕਿਉਂਕਿ ਅਕਾਲੀ ਸਮਰਥਕ ਬਾਹਰ ਜਮਾ ਹੋ ਗਏ ਸੀ। ਵਿਧਾਇਕ ਨੇ ਡੰਪੀ ਦੇ ਮੂੰਹ ‘ਤੇ ਥੱਪੜ ਮਾਰਿਆ, ਧੱਕਾ ਦਿੱਤਾ ਅਤੇ ਜਨਤਕ ਤੌਰ ‘ਤੇ ਗਾਲ੍ਹਾਂ ਕੱਢੀਆਂ। ‘ ਪੂਰੀ ਖਬਰ ਇੱਥੇ ਪੜ੍ਹੋ।
ਮਾਮਲੇ ਵਿੱਚ ਵਧੇਰੇ ਜਾਣਕਾਰੀ ਲਈ ਵਿਸ਼ਵਾਸ ਨਿਊਜ਼ ਨੇ ਦੈਨਿਕ ਜਾਗਰਣ ਦੇ ਮੁਕਤਸਰ ਦੇ ਰਿਪੋਰਟਰ ਜਤਿੰਦਰ ਭਵਰਾ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਬਹੁਤ ਪੁਰਾਣਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਇਹ ਹੁਣ ਦੀ ਖ਼ਬਰ ਹੁੰਦੀ ਤਾਂ ਇਨ੍ਹਾਂ ਨੇ ਸਰਦੀਆਂ ਦੇ ਕੱਪੜੇ ਪਹਿਨੇ ਹੁੰਦੇ ਅਤੇ ਮਾਸਕ ਪਾਇਆ ਹੁੰਦਾ। ਅੱਗੇ ਉਨ੍ਹਾਂ ਨੇ ਦੱਸਿਆ ਕਿ ਅਜਿਹੀ ਕੋਈ ਹਾਲੀਆ ਖਬਰ ਉਨ੍ਹਾਂ ਦੀ ਨਜ਼ਰ ਵਿੱਚ ਨਹੀਂ ਆਈ ਹੈ।
ਵਿਸ਼ਵਾਸ ਨਿਊਜ਼ ਸੁਤੰਤਰ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਵਾਇਰਲ ਵੀਡੀਓ ਦੀ ਘਟਨਾ ਕਿੰਨੀ ਪੁਰਾਣੀ ਹੈ। ਪਰ ਇਹ ਤੈਅ ਹੈ ਕਿ ਵਾਇਰਲ ਵੀਡੀਓ ਸਾਲ 2014 ਤੋਂ ਇੰਟਰਨੈੱਟ ‘ਤੇ ਮੌਜੂਦ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਫਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਨੇ ਮਾਰਚ 2013 ਨੂੰ ਆਪਣਾ ਅਕਾਊਂਟ ਬਣਾਇਆ ਹੈ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਪੁਰਾਣੇ ਵੀਡੀਓ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।