Fact Check: ਪੰਜਾਬ ਦੇ ਸਾਬਕਾ CM ਚੰਨੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਤਸਵੀਰ ਹਾਲ ਦੀ ਦੱਸਦਿਆਂ ਕੀਤੀ ਜਾ ਰਹੀ ਹੈ ਸ਼ੇਅਰ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਸਾਬਕਾ ਸੀਐਮ ਚੰਨੀ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਤਸਵੀਰ ਹਾਲ – ਫਿਲਹਾਲ ਦੀ ਨਹੀਂ , ਸਗੋ ਮਾਰਚ 2022 ਦੀ ਹੈ, ਜਿਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਵਿਦੇਸ਼ ਚਲੇ ਗਏ ਸਨ। ਚਰਨਜੀਤ ਸਿੰਘ ਚੰਨੀ ਕਰੀਬ ਨੌਂ ਮਹੀਨੇ ਵਿਦੇਸ਼ ਰਹਿਣ ਤੋਂ ਬਾਅਦ ਵਾਪਸ ਪਰਤੇ ਹਨ। ਹੁਣ ਇਸ ਦੌਰਾਨ ਭਗਵੰਤ ਮਾਨ ਨੂੰ ਗੁਲਦਸਤਾ ਭੇਂਟ ਕਰਦੇ ਚਰਨਜੀਤ ਸਿੰਘ ਚੰਨੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਦੀ ਵਿਦੇਸ਼ ਤੋਂ ਆਉਣ ਤੋਂ ਬਾਅਦ ਹਾਲ ਹੀ ‘ਚ ਹੋਈ ਮੁਲਾਕਾਤ ਦੀ ਤਸਵੀਰ ਹੈ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਤਸਵੀਰ ਹਾਲ -ਫਿਲਹਾਲ ਦੀ ਨਹੀਂ , ਸਗੋਂ ਮਾਰਚ 2022 ਦੀ ਹੈ, ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਅਤੇ ਚਰਨਜੀਤ ਸਿੰਘ ਚੰਨੀ ਉਨ੍ਹਾਂ ਨੂੰ ਜਿੱਤ ਦੀ ਵਧਾਈ ਦੇਣ ਪਹੁੰਚੇ ਸੀ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ ” Awaaz Punjab Di ” ਨੇ 20 ਦਿਸੰਬਰ ਨੂੰ ਵਾਇਰਲ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ ,”ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ।”

ਸੋਸ਼ਲ ਮੀਡਿਆ ‘ਤੇ ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਮਿਲਦੇ – ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਵਾਇਰਲ ਪੋਸਟ ਅਤੇ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਅਤੇ ਮੌਜੂਦਾ ਸੀਐਮ ਭਗਵੰਤ ਮਾਨ ਦੀ ਮੁਲਾਕਾਤ ਦੀ ਤਸਵੀਰ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਇਹ ਸਰਚ ਕੀਤਾ ਕਿ ਕੀ ਦੋਵਾਂ ਦੀ ਹਾਲ ਹੀ ਵਿੱਚ ਕੋਈ ਮੁਲਾਕਾਤ ਹੋਈ ਹੈ। ਸਰਚ ਤੋਂ ਸਾਨੂੰ ਇੱਕ ਵੀ ਅਜਿਹੀ ਖਬਰ ਨਹੀਂ ਮਿਲੀ, ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੋਵੇ। ਜਾਂਚ ਨੂੰ ਅੱਗੇ ਵਧਾਉਂਦੇ ਹੋਏ ਇੱਕ ਵਾਰ ਫਿਰ ਸੰਬੰਧਿਤ ਕੀਵਰਡਸ ਨਾਲ ਸਰਚ ਕਰਨਾ ਸ਼ੁਰੂ ਕੀਤਾ।

ਵਾਇਰਲ ਤਸਵੀਰ ਜਾਗਰਣ ਡਾਟ ਕੋਮ ‘ਤੇ ਪ੍ਰਕਾਸ਼ਿਤ ਇੱਕ ਖਬਰ ਵਿੱਚ ਮਿਲੀ। 21 ਮਾਰਚ, 2022 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, “ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਗੁਲਦਸਤਾ ਵੀ ਭੇਂਟ ਕੀਤਾ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਨ੍ਹੀਂ ਦਿਨੀਂ ਚਰਚਾਵਾਂ ਤੋਂ ਦੂਰ ਹਨ। ਇੱਥੇ ਪੂਰੀ ਖ਼ਬਰ ਪੜ੍ਹੋ ।

ਦ ਪ੍ਰਿੰਟ ਵਿੱਚ ਵੀ ਵਾਇਰਲ ਤਸਵੀਰ ਨਾਲ ਜੁੜੀ ਖ਼ਬਰ ਮਿਲੀ। 21 ਮਾਰਚ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਤਸਵੀਰ ਦੀ ਵਰਤੋਂ ਕਰਦਿਆਂ ਦੱਸਿਆ ਗਿਆ, “ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿੱਚ ਰਾਜ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਵਧਾਈ ਦਿੱਤੀ।”

ਨਿਊਜ਼ ਏਜੰਸੀ ਏਐਨਆਈ ਨੇ ਵੀ 21 ਮਾਰਚ 2022 ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵਾਇਰਲ ਤਸਵੀਰ ਨੂੰ ਟਵੀਟ ਕੀਤਾ ਸੀ। ਇੱਥੇ ਟਵੀਟ ਵੇਖੋ।

ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਅਗਲੇ ਪੜਾਅ ਵਿੱਚ ਪੰਜਾਬੀ ਜਾਗਰਣ ਦੇ ਰਿਪੋਰਟਰ ਜੈਸਿੰਘ ਛਿੱਬਰ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਤਸਵੀਰ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਤਸਵੀਰ ਪੁਰਾਣੀ ਹੈ। ਹਾਲ ਹੀ ‘ਚ ਅਜਿਹੀ ਕਿਸੇ ਮੁਲਾਕਾਤ ਦੀ ਖਬਰ ਸਾਹਮਣੇ ਨਹੀਂ ਆਈ ਹੈ। ਜੇਕਰ ਅਜਿਹਾ ਹੁੰਦਾ, ਤਾਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਹੋਣੀ ਸੀ।

ਹੁਣ ਵਾਰੀ ਸੀ ਗੁੰਮਰਾਹਕੁੰਨ ਪੋਸਟ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ। ਆਵਾਜ਼ ਪੰਜਾਬ ਦੀ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ‘ਤੇ ਯੂਜ਼ਰ ਨੂੰ 1200 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਸਾਬਕਾ ਸੀਐਮ ਚੰਨੀ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਤਸਵੀਰ ਹਾਲ – ਫਿਲਹਾਲ ਦੀ ਨਹੀਂ , ਸਗੋ ਮਾਰਚ 2022 ਦੀ ਹੈ, ਜਿਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts