ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਵਾਇਰਲ ਚਿੱਠੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਪਸ਼ਟੀਕਰਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਇਸਨੂੰ ਫਰਜੀ ਦੱਸਿਆ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਲੋਕਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਐਮਪੀ ਹਰਸਿਮਰਤ ਕੌਰ ਬਾਦਲ ਦੇ ਨਾਮ ‘ਤੇ ਇੱਕ ਚਿੱਠੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਨਾਮ ਕੇਂਦਰ ਮੰਤਰੀ ਪਦ ਦੀ ਪੇਸ਼ਕਸ਼ ਲਿਸਟ ਵਿਚੋਂ ਕੱਢ ਦਿੱਤਾ ਜਾਵੇ।
ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਦਾਅਵੇ ਨੂੰ ਫਰਜੀ ਪਾਇਆ। ਹਰਸਿਮਰਤ ਕੌਰ ਬਾਦਲ ਨੇ ਅਜਿਹੀ ਕੋਈ ਚਿੱਠੀ ਨਹੀਂ ਲਿਖੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਵਾਇਰਲ ਚਿੱਠੀ ਨੂੰ ਫਰਜ਼ੀ ਦੱਸਦਿਆਂ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ।
ਫੇਸਬੁੱਕ ਯੂਜ਼ਰ ‘Soohe akhar punjabi’ ਨੇ 11 ਜੂਨ 2024 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,”ਚੌਥੀ ਵਾਰ ਸਾਂਸਦ ਬਣੀ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਪਦ ਨਕਾਰਿਆ ਤੇ ਲਿਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ #HarsimratKaurBadal #SukhbirSinghBadal #ShiromaniAkaliDal”
ਚਿੱਟੀ ‘ਤੇ ਲਿਖਿਆ ਹੋਇਆ ਹੈ: ਮਾਨਯੋਗ ਨਰਿੰਦਰ ਦਾਮੋਦਰਦਾਸ ਮੋਦੀ ਜੀ,
ਮੈਂ ਹਰਸਿਮਰਤ ਕੌਰ ਬਾਦਲ ਤੁਹਾਡਾ ਧੰਨਵਾਦ ਕਰਦੀ ਹਾਂ ਕੇ ਤੁਸੀਂ ਮੈਨੂੰ ਕੇਂਦਰੀ ਮੰਤਰੀ ਪਦ ਦੀ ਪੇਸ਼ਕਸ਼ ਕੀਤੀ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਪਰ, ਪੰਜਾਬ ਦੇ ਕੁਝ ਮਹੱਤਵਪੂਰਨ ਮੁੱਦੇ ਜਿਵੇਂ ਕੇ
ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਨੌਜਵਾਨਾਂ ‘ਤੇ NSA ਦੀ ਕਾਰਵਾਈ, ਫ਼ਸਲਾਂ ਉੱਤੇ MSP ਸੰਬੰਧੀ ਕਾਨੂੰਨ, ਅਤੇ ਸਿੱਖ ਗੁਰੂ ਧਾਮ ਅਤੇ ਗੁਰੂਦਵਾਰਿਆਂ ਵਿੱਚ ਬੇਲੋੜੀ ਦਖਲਅੰਦਾਜ਼ੀ ਇਹਨਾ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਇਹ ਕੇਂਦਰੀ ਮੰਤਰੀ ਦਾ ਅਹੁਦਾ ਸਵੀਕਾਰ ਨਹੀਂ ਕਰ ਸਕਦੀ।
ਇਸ ਲਈ ਮੇਰੀ ਬੇਨਤੀ ਹੈ ਕਿ ਮੇਰਾ ਨਾਮ ਕੇਂਦਰੀ ਮੰਤਰੀ ਪਦ ਦੀ ਸੂਚੀ ਤੋਂ ਹਟਾ ਦਿੱਤਾ ਜਾਵੇ।
ਧੰਨਵਾਦ ਸਹਿਤ
ਹਰਸਿਮਰਤ ਕੌਰ ਬਾਦਲ (ਮੈਂਬਰ ਲੋਕ ਸਭਾ ਹਲਕਾ ਬਠਿੰਡਾ)
ਫੇਸਬੁੱਕ ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਪੋਸਟ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਵੀ ਮੀਡਿਆ ਰਿਪੋਰਟ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਦੇ ਹੋਏ ਅਸੀਂ ਹਰਸਿਮਰਤ ਕੌਰ ਬਾਦਲ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਖੰਗਾਲਿਆ। ਸਾਨੂੰ ਉੱਥੇ ਵੀ ਅਜਿਹੀ ਕੋਈ ਪੋਸਟ ਕੀਤੀ ਹੋਈ ਨਹੀਂ ਮਿਲੀ।
ਹੁਣ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡਿਆ ਅਕਾਊਂਟਸ ਨੂੰ ਚੈੱਕ ਕੀਤਾ। ਸਾਨੂੰ 12 ਜੂਨ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਵਾਇਰਲ ਚਿੱਠੀ ਨੂੰ ਫਰਜ਼ੀ ਦੱਸਦਿਆਂ ਸਪਸ਼ਟੀਕਰਨ ਮਿਲਿਆ। ਕੈਪਸ਼ਨ ਵਿੱਚ ਦੱਸਿਆ ਗਿਆ ਹੈ, “ਕੁਝ ਸ਼ਰਾਰਤੀ ਲੋਕਾਂ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਮ’ਤੇ ਝੂਠੀ ਚਿੱਠੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ ਜੋ ਬਿਲਕੁਲ ਝੂਠੀ ਹੈ, ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ …”
ਸਰਚ ਦੌਰਾਨ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਚਿੱਠੀ ਮਿਲੀ। ਵਾਇਰਲ ਚਿੱਠੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚਿੱਠੀ ਵਿੱਚ ਬਹੁਤ ਅੰਤਰ ਹੈ। ਇਸ ਵਿੱਚ ਹਰਸਿਮਰਤ ਕੌਰ ਬਾਦਲ ਦੇ ਦਸਤਖ਼ਤ ਨਹੀਂ ਹੈ ਅਤੇ ਨਾ ਹੀ ਮਿਤੀ ਲਿਖੀ ਹੋਈ ਹੈ। ਇਸ ਪੱਤਰ ਦੇ ਅੱਖਰ ਵੀ ਵੱਖ ਤਰ੍ਹਾਂ ਤੋਂ ਲਿਖੇ ਗਏ ਹਨ। ਜਿਸ ਤੋਂ ਸਾਫ ਹੁੰਦਾ ਹੈ ਵਾਇਰਲ ਚਿੱਠੀ ਫਰਜੀ ਹੈ।
ਵੱਧ ਜਾਣਕਾਰੀ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜੀ ਦੱਸਿਆ ਹੈ।
ਅੰਤ ਵਿੱਚ ਅਸੀਂ ਫਰਜੀ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲਗਿਆ ਯੂਜ਼ਰ ਨੂੰ 5 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਯੂਜ਼ਰ ਪੰਜਾਬ ਦੇ ਮਾਨਸਾ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਵਾਇਰਲ ਚਿੱਠੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਪਸ਼ਟੀਕਰਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਇਸਨੂੰ ਫਰਜੀ ਦੱਸਿਆ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।