ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਮੁੱਖ ਮੰਤਰੀ ਭਗਵੰਤ ਮਾਨ ਦੀ ਨਹੀਂ ਬਲਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੈ। CM ਚੰਨੀ ਦੀ ਪੁਰਾਣੀ ਤਸਵੀਰ ਨੂੰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ਵਿੱਚ ਇੱਕ ਵਿਅਕਤੀ ਨੂੰ ਅਕਾਲ ਤਖ਼ਤ ਅੰਮ੍ਰਿਤਸਰ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੈਰੀਂ ਹੱਥ ਲਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਪੈਰ ਛੁਹਂਦੇ ਨਜ਼ਰ ਆ ਰਿਹਾ ਇਹ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ। ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਇਸ ਨੂੰ ਸੱਚ ਮੰਨ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਅਤੇ ਇਸਨੂੰ ਫਰਜ਼ੀ ਪਾਇਆ। ਤਸਵੀਰ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਮਾਨ ਨਹੀਂ, ਸਗੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ। ਸੀਐਮ ਚੰਨੀ ਦੀ ਪੁਰਾਣੀ ਤਸਵੀਰ ਨੂੰ ਭਗਵੰਤ ਮਾਨ ਦੀ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ “ਵਾਰਿਸ ਪੰਜਾਬ ਦੇ” ਨੇ 3 ਸਤੰਬਰ ਨੂੰ ਇਹ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ “ਇਹ ਹੁੰਦਾ ਜਥੇਦਾਰ ਸਾਬ ਦਾ ਰੁਤਬਾ ਤੇ ਸਤਿਕਾਰ ਰਾਜ ਦਾ ਮੁੱਖ ਮੰਤਰੀ ਜਥੇਦਾਰ ਸਾਬ ਦੇ ਪੈਰੀਂ ਹੱਥ ਲਾ ਕੇ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਦਰਸਾਉਂਦਾ ਇਹ ਵੀ ਸ਼ੇਅਰ ਕਰ ਦਿਆ ਕਰੋ ਜੀ🙏🙏 “
ਫੇਸਬੁੱਕ ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਜਾਂਚ ਦੀ ਸ਼ੁਰੂਆਤ ਵਿੱਚ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਦੇਖਿਆ। ਇਸ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦੇ ਪੈਰ ਛੂਹਣ ਵਾਲੇ ਵਿਅਕਤੀ ਨੂੰ ਗਰਮ ਕੱਪੜੇ ਪਹਿਨੇ ਦੇਖਿਆ ਜਾ ਸਕਦਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਤਸਵੀਰ ਹਾਲ – ਫਿਲਹਾਲ ਦੀ ਨਹੀਂ ਹੈ।
ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ। ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਫੋਟੋ ਦੀ ਖੋਜ ਕੀਤੀ। ਖੋਜ ਦੌਰਾਨ ਸਾਨੂੰ 9 ਦਸੰਬਰ 2021 ਨੂੰ ਲੁਧਿਆਣਾ ਟਾਈਮਜ਼ ਦੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਗਈ ਵਾਇਰਲ ਤਸਵੀਰ ਮਿਲੀ। ਤਸਵੀਰ ਦੇ ਨਾਲ ਕੈਪਸ਼ਨ ਲਿਖਿਆ ਸੀ”ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਅਤੇ ਮੰਗ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਅਧਿਕਾਰ ਸਾਰੇ ਚੈਨਲਾਂ ਨੂੰ ਦਿਤੇ ਜਾਣ..”
ਪੰਜਾਬੀ ਨਿਊਜ਼ ਵੈੱਬਸਾਈਟ ਰੋਜ਼ਾਨਾ ਪਹਿਰੇਦਾਰ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਵਾਇਰਲ ਤਸਵੀਰ ਸਾਂਝੀ ਕੀਤੀ ਸੀ। 8 ਦਸੰਬਰ 2021 ਨੂੰ ਸ਼ੇਅਰ ਤਸਵੀਰਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਦੀ ਮੁਲਾਕਾਤ ਦੀਆਂ ਹੋਰ ਤਸਵੀਰਾਂ ਨੂੰ ਵੀ ਦੇਖੀਆਂ ਜਾ ਸਕਦਾ ਹੈ।
ਸਰਚ ਦੌਰਾਨ ਸਾਨੂੰ ਗੁਰਮੀਤ ਸਿੰਘ ਸਕੱਤਰ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਫੇਸਬੁੱਕ ਪੇਜ ‘ਤੇ ਵੀ 9 ਦਸੰਬਰ 2021 ਨੂੰ ਵਾਇਰਲ ਤਸਵੀਰ ਅਪਲੋਡ ਮਿਲੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ 8 ਦਸੰਬਰ 2021 ਨੂੰ ਜਥੇਦਾਰ ਗਿਆਨੀ ਹਰਪ੍ਰੀਤ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਸੀ.ਐਮ ਚੰਨੀ ਅਤੇ ਸ੍ਰੀ ਅਕਾਲਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਨਾਲ ਜੁੜੀਆਂ ਖਬਰਾਂ ਹੋਰ ਵੀ ਕਈ ਨਿਊਜ਼ ਵੈੱਬਸਾਈਟਾਂ ‘ਤੇ ਪੜ੍ਹੀਆਂ ਜਾ ਸਕਦੀਆਂ ਹਨ। ਸਾਡੀ ਜਾਂਚ ਤੋਂ ਇਹ ਤਾਂ ਸਾਫ਼ ਹੋਇਆ ਕਿ ਤਸਵੀਰ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਸੀਐਮ ਭਗਵੰਤ ਮਾਨ ਨਹੀਂ, ਸਗੋਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹਨ। ਵਧੇਰੇ ਜਾਣਕਾਰੀ ਲਈ ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਵਾਇਰਲ ਪੋਸਟ ਦੇ ਲਿੰਕ ਨੂੰ ਵੀ ਸਾਂਝਾ ਕੀਤਾ ਹੈ। ਮਲਵਿੰਦਰ ਸਿੰਘ ਕੰਗ ਨੇ ਸਾਨੂੰ ਦੱਸਿਆ ਕਿ ਵਾਇਰਲ ਹੋਇਆ ਦਾਅਵਾ ਗ਼ਲਤ ਹੈ। ਤਸਵੀਰ ਵਿੱਚ ਸੀਐਮ ਮਾਨ ਨਹੀਂ ਸਾਬਕਾ ਸੀਐਮ ਚੰਨੀ ਹੈ।
ਅੱਗੇ ਅਸੀਂ ਖੋਜ ਕੀਤੀ ਕਿ ਕੀ ਸੀਐਮ ਮਾਨ ਹਾਲ ਹੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ ਜਾਂ ਨਹੀਂ। ਸਾਨੂੰ ਕਈ ਨਿਊਜ਼ ਰਿਪੋਰਟਸ ਮਿਲੀਆਂ ਜਿਸਦੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸਨ। ਰਿਪੋਰਟ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ, ਹਾਲਾਂਕਿ ਅਜਿਹੀ ਕੋਈ ਤਸਵੀਰ ਕਿਤੇ ਵੀ ਨਹੀਂ ਮਿਲੀ, ਜਿਹੜੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਇਸ ਤਸਵੀਰ ਨੂੰ ਹਾਲ ਦੀ ਦੱਸਦੇ ਹੋਏ ਸਾਂਝਾ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਾ ਕਿ ਫੇਸਬੁੱਕ ‘ਤੇ ਇਸ ਪੇਜ ਨੂੰ 317 ਲੋਕ ਫੋਲੋ ਕਰਦੇ ਹਨ ਅਤੇ ਇਹ ਪੇਜ 24 ਅਗਸਤ 2022 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਮੁੱਖ ਮੰਤਰੀ ਭਗਵੰਤ ਮਾਨ ਦੀ ਨਹੀਂ ਬਲਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹੈ। CM ਚੰਨੀ ਦੀ ਪੁਰਾਣੀ ਤਸਵੀਰ ਨੂੰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।