ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਡਾਕਟਰ ਦਲਜੀਤ ਚੀਮਾ ਨਾਲ ਜੁੜੀ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸੋਸ਼ਲ ਮੀਡਿਆ ਤੇ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਨ ਦਿੰਦਿਆਂ ਹੋਇਆ ਇਸਨੂੰ ਫਰਜ਼ੀ ਦੱਸਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਦੇ ਵਿੱਚਕਾਰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਪੋਸਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਦੇ ਨਾਮ ਤੋਂ ਰਾਮ ਰਹੀਮ ਦੀ ਪੈਰੋਲ ਨਾਲ ਜੁੜਿਆ ਇੱਕ ਪੋਸਟ ਸ਼ੇਅਰ ਕੀਤਾ ਜਾ ਰਿਹਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਲਜੀਤ ਚੀਮਾ ਨੇ ਰਾਮ ਰਹੀਮ ਦੀ ਰਿਹਾਈ ਤੇ ਖੁਸ਼ੀ ਜਾਹਰ ਕਰਦਿਆਂ ਵਧਾਈਆਂ ਦਿੱਤੀਆਂ ਹਨ। ਵਿਸ਼ਵਾਸ ਨਿਊਜ਼ ਨੇ ਵਿਸਤਾਰ ਨਾਲ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਆਪਣੀ ਜਾਂਚ ਵਿੱਚ ਇਸਨੂੰ ਫਰਜੀ ਪਾਇਆ। ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸੋਸ਼ਲ ਮੀਡਿਆ ਤੇ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਨ ਦਿੰਦਿਆਂ ਹੋਇਆ ਇਸਨੂੰ ਫਰਜ਼ੀ ਦੱਸਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ “ਭਾਈ ਕਪਤਾਨ ਸਿੰਘ ਯੂ ਕੇ” ਨੇ 9 ਫਰਵਰੀ ਨੂੰ ਇਹ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ “ਲਾਹਣਤ ਹੈ ਇਹੋ ਜਿਹੇ ਪੰਥਕ ਲੀਡਰਾ ਤੇ ਅਗੇ ਤੁਸੀ ਆਪ ਕੁਮੈਟ ਕਰ ਸਕਦੇ ਹੋ!ਵੱਧ ਤੋ ਵੱਧ ਸ਼ੇਅਰ ਕਰੋ ਇਸ ਪੇਜ ਨੂੰ ਲਾਇਕ ਤੇ Follow ਕਰੋ ਜੀ ਧੰਨਵਾਦ”
ਫੇਸਬੁੱਕ ਯੂਜ਼ਰ “ਹੀਰਾ ਸਿੰਘ” ਨੇ ਵੀ ਇਸ ਪੋਸਟ ਨੂੰ ਸਾਂਝਾ ਕੀਤਾ ਹੈ ਅਤੇ ਲਿਖਿਆ ਹੈ “ਇਹ ਹਨ ਸਿੱਖੀ ਅਤੇ ਸਿੱਖਾਂ ਦੇ ਆਪੇ ਬਣੇ ਠੇਕੇਦਾਰ, ਜੋ ਆਖਦੇ ਨੇ ਬਾਕੀ ਸਾਰੇ ਦਿੱਲੀ ਦੇ ਦੱਲ ਪੰਜਾਬ ਅਤੇ ਪੰਥ ਦਾ ਅਕਾਲੀ ਦੱਲ਼ …. ਪਛਾਨ ਲਓ ਅਸਲੀ ਚਿਹਰਾ ਇਹਨਾ ਦਾ…ਕਿਤੇ ਧੋਖਾ ਨਾ ਖਾ ਜਾਇਓ….ਕਿਤੇ ਸੂਰੀ ਵਾਲੀ ਸ਼ਿਵ ਸੈਨਾ…. ਤੇ ਕਿਤੇ ਬੇ ਅਦਬੀ ਵਾਲਾ ਰਾਮ ਰਹੀਮ 👇🏼👇🏼👇🏼”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਅਤੇ ਉਸਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੋਸਟ ਦੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਸੰਬੰਧਿਤ ਕੀਵਰਡ ਨਾਲ ਨਿਊਜ਼ ਸਰਚ ਕੀਤੀ ਤਾਂ ਸਾਨੂੰ punjabijagran.com/ ਦੀ ਵੈੱਬਸਾਈਟ ਤੇ 10 ਫਰਵਰੀ 2022 ਨੂੰ ਇਸ ਮਾਮਲੇ ਨਾਲ ਜੁੜੀ ਇੱਕ ਖਬਰ ਪ੍ਰਕਾਸ਼ਿਤ ਮਿਲੀ। ਖਬਰ ਅਨੁਸਾਰ “ਪਿਛਲੇ ਦਿਨੀ ਸ਼ੋਸਲ ਮੀਡੀਆ ਉੱਪਰ ਸ੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਡਾ.ਦਲਜੀਤ ਸਿੰਘ ਚੀਮਾ ਦੇ ਖਿਲਾਫ਼ ਪਾਈ ਇੱਕ ਪੋਸਟ ਨੂੰ ਲੈ ਕੇ ਯੂਥ ਅਕਾਲੀ ਦਲ ਨੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਸੀਨੀਅਰ ਪੁਲਿਸ ਕਪਤਾਨ ਵਿਵੇਕਸ਼ੀਲ ਸੋਨੀ ਨੂੰ ਸ਼ਿਕਾਇਤ ਕਰਕੇ ਮੁਲਜ਼ਮਾਂ ਖ਼ਿਲਾਫ਼ ਤੁਰੰਤ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।” ਪੂਰੀ ਖਬਰ ਨੂੰ ਇੱਥੇ ਪੜ੍ਹੋ।
ਅਸੀਂ ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਦਲਜੀਤ ਚੀਮਾ ਦੇ ਫੇਸਬੁੱਕ ਪੇਜ ਵੱਲ ਰੁੱਖ ਕੀਤਾ। ਸਾਨੂੰ ਦਲਜੀਤ ਚੀਮਾ ਵੱਲੋਂ 8 ਫਰਵਰੀ 2022 ਨੂੰ ਵਾਇਰਲ ਪੋਸਟ ਨੂੰ ਫਰਜ਼ੀ ਦਿੰਦਿਆਂ ਆਪਣਾ ਸਪਸ਼ਟੀਕਰਨ ਵੀਡੀਓ ਸਾਂਝਾ ਕੀਤਾ ਹੋਇਆ ਮਿਲਿਆ ਅਤੇ ਡਿਸਕ੍ਰਿਪਸ਼ਨ ਲਿਖਿਆ ਸੀ , “ਚੋਣਾਂ ਦੇ ਮੌਕੇ ਵਿਰੋਧੀ ਪਾਰਟੀਆਂ ਵੱਲੋਂ ਬੇਹੱਦ ਨੀਚ ਹਰਕਤਾਂ ਕੀਤੀਆਂ ਜਾਂਦੀਆਂ ਹਨ। ਰਾਮ ਰਹੀਮ ਦੀ ਪੈਰੋਲ ਤੇ ਮੇਰਾ ਜਾਅਲੀ ਵਧਾਈ ਸੰਦੇਸ਼ ਬਣਾ ਕੇ ਵਾਇਰਲ ਕੀਤਾ ਗਿਆ ਹੈ ਇਸ ਘਿਨੌਣੀ ਹਰਕਤ ਵਿਰੁੱਧ ਕੱਲ੍ਹ ਸਵੇਰੇ FIR ਵੀ ਦਰਜ਼ ਕਰਵਾਈ ਜਾਵੇਗੀ। ਰਾਮ ਰਹੀਮ ਦੀ ਪੈਰੋਲ ਦੇ ਖ਼ਿਲਾਫ਼ ਮੇਰੀ ਪ੍ਰੈਸ ਕਾਨਫਰੰਸ ਵਿਰੋਧੀਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਅਸਲੀਅਤ ਜਾਨਣ ਲਈ ਪ੍ਰੈਸ ਕਾਨਫਰੰਸ ਦੀ ਵੀਡੀਓ ਕਲਿੱਪ ਜ਼ਰੂਰ ਦੇਖੋ। “
ਮਾਮਲੇ ਵਿੱਚ ਵੱਧ ਜਾਣਕਾਰੀ ਲਈ ਅਸੀਂ ਦਲਜੀਤ ਚੀਮਾ ਨਾਲ ਸੰਪਰਕ ਕੀਤਾ। ਸਾਡੀ ਗੱਲ ਉਨ੍ਹਾਂ ਦੇ ਪੀ.ਏ ਜਸਕਰਨ ਸਿੰਘ ਸਰਾਂ ਨਾਲ ਹੋਈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਫਰਜ਼ੀ ਹੈ ਅਤੇ ਇਸ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਸਾਡੇ ਨਾਲ ਦੇ ਵਰਕਰਾਂ ਵੱਲੋਂ ਇਸ ਤੇ FIR ਵੀ ਦਰਜ ਕਰਵਾਈ ਗਈ ਹੈ। ਉਨ੍ਹਾਂ ਨੇ ਸਾਡੇ ਨਾਲ ਯੂਥ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਖੇੜਾ ਦਾ ਨੰਬਰ ਵੀ ਸ਼ੇਅਰ ਕੀਤਾ , ਜਿਨ੍ਹਾਂ ਨੇ ਫਰਜੀ ਪੋਸਟ ਪਾਉਣ ਵਾਲਿਆਂ ਖਿਲਾਫ ਤੁਰੰਤ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਅਸੀਂ ਰਵਿੰਦਰ ਸਿੰਘ ਖੇੜਾ ਨਾਲ ਵੀ ਸੰਪਰਕ ਕੀਤਾ , ਉਨ੍ਹਾਂ ਨੇ ਸਾਨੂੰ ਦੱਸਿਆ ਇਹ ਪੋਸਟ ਫਰਜੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਰੋਪੜ ਦੇ ਰੂਪਨਗਰ ਠਾਣੇ ਵਿੱਚ ਸ਼ਿਕਾਇਤ ਦਰਜ ਕਾਰਵਾਈ ਹੈ ਅਤੇ ਜਿਨ੍ਹਾਂ ਨੇ ਵੀ ਇਹ ਫਰਜੀ ਪੋਸਟ ਪਾਈ ਹੈ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਾਡੇ ਨਾਲ ਦਰਜ ਕੀਤੀ ਗਈ ਸ਼ਿਕਾਇਤ ਦੀ ਕਾਪੀ ਅਤੇ ਵੀਡੀਓ ਨੂੰ ਸਾਂਝਾ ਕੀਤਾ।
ਪੜਤਾਲ ਦੇ ਅੰਤ ਵਿੱਚ ਅਸੀਂ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸੋਸ਼ਲ ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ 7,267 ਲੋਕ ਫੋਲੋ ਕਰਦੇ ਹਨ ਅਤੇ 6,899 ਲੋਕ ਇਸ ਪੇਜ ਨੂੰ ਲਾਇਕ ਕਰਦੇ ਹੈ। ਫੇਸਬੁੱਕ ਤੇ ਇਸ ਪੇਜ ਨੂੰ 12 ਜੂਨ 2020 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਡਾਕਟਰ ਦਲਜੀਤ ਚੀਮਾ ਨਾਲ ਜੁੜੀ ਵਾਇਰਲ ਪੋਸਟ ਫਰਜ਼ੀ ਸਾਬਿਤ ਹੋਈ। ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸੋਸ਼ਲ ਮੀਡਿਆ ਤੇ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਨ ਦਿੰਦਿਆਂ ਹੋਇਆ ਇਸਨੂੰ ਫਰਜ਼ੀ ਦੱਸਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।