ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਨਿਕਲੀ । ‘ਇਲੈਕਸ਼ਨ ਕਮਿਸ਼ਨ ਆਫ ਇੰਡੀਆ’ ਦੁਆਰਾ ਪੰਜਾਬ ਅਤੇ ਹੋਰ ਰਾਜਾ ਵਿੱਚ ਹੋਣ ਵਾਲਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਵਾਇਰਲ ਹੋ ਰਹੀ ਪੀ.ਡੀ.ਐਫ ਦਾ ਸਕ੍ਰੀਨਸ਼ਾਟ ਪੰਜਾਬ ਅਤੇ ਹੋਰਨਾਂ ਰਾਜਾਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ ਦਾ ਹੈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਵਿਧਾਨ ਸਭਾ ਚੌਣਾਂ ਨੂੰ ਲੈ ਕੇ ਸੋਸ਼ਲ ਮੀਡਿਆ ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਪੋਸਟ ਨਾਲ ਪੀ.ਡੀ.ਐਫ ਦਾ ਸਕ੍ਰੀਨਸ਼ਾਟ ਵੀ ਲੱਗਿਆ ਹੋਇਆ ਹੈ । ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਆਗਾਮੀ 2022 ਦੀਆਂ ਚੋਣ ਤਰੀਕਾਂ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕਰ ਦਿੱਤੀਆ ਗਈਆ ਹਨ ਅਤੇ ਇਸ ਦਾਅਵੇ ਅਨੁਸਾਰ 27 ਮਾਰਚ 2022 ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ । ਇਸਦੇ ਨਾਲ ਹੀ ਪੋਸਟ ਵਿੱਚ ਗੋਆ 15 ਮਾਰਚ, ਮਨੀਪੁਰ 19 ਮਾਰਚ, ਉਤਰਾਖੰਡ 23 ਮਾਰਚ ਅਤੇ ਉੱਤਰ ਪ੍ਰਦੇਸ਼ ਵਿੱਚ 14 ਮਈ 2022 ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਣ ਦੀਆਂ ਤਾਰੀਖਾਂ ਦੱਸੀਆ ਗਈਆ ਹਨ।
ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਇਲੈਕਸ਼ਨ ਕਮਿਸ਼ਨ ਨੇ ਹਾਲੇ ਤੱਕ ਪੰਜਾਬ 2022 ਚੋਣਾਂ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਹੈ । 27 ਮਾਰਚ 2022 ਚੋਣਾਂ ਹੋਣ ਦੀ ਮਿਤੀ ਨਹੀਂ ਬਲਕਿ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਮਿਆਦ ਦੀ ਅਖੀਰਲੀ ਮਿਤੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ “Punjab News Agency ” ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ” ਮੁੱਖ ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ 5 ਸੂਬਿਆਂ ਅੰਦਰ ਚੋਣਾਂ ਕਰਵਾਉਣ ਦਾ ਕੀਤਾ ਐਲਾਨ। ਗੋਆ ਵਿਚ ਅਗਲੇ ਸਾਲ 15 ਮਾਰਚ, ਮਨੀਪੁਰ ਵਿਚ 19 ਮਾਰਚ, ਉਤਰਾਖੰਡ ਵਿਚ 23 ਮਾਰਚ, ਪੰਜਾਬ ਵਿਚ 27 ਮਾਰਚ ਅਤੇ ਉਤਰ ਪ੍ਰਦੇਸ਼ ਵਿਚ 14 ਮਈ 2022 ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ।
ਪੋਸਟ ਦੇ ਨਾਲ ਪੀ.ਡੀ.ਐਫ ਦਾ ਇੱਕ ਪੇਜ ਵੀ ਸ਼ੇਅਰ ਕੀਤਾ ਗਿਆ ਹੈ। ਪੋਸਟ ਅਤੇ ਉਸਦੇ ਆਰਕਾਈਵ ਲਿੰਕ ਨੂੰ ਤੁਸੀਂ ਇਥੇ ਵੇਖ ਸਕਦੇ ਹੋ।
ਪੜਤਾਲ
ਪੜਤਾਲ ਦੀ ਸ਼ੁਰੂਆਤ ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾ ਨਿਊਜ਼ ਸਰਚ ਨਾਲ ਕੀਤੀ , ਅਸੀਂ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ ਤਾਂ ਸਾਨੂੰ ਜਗਬਾਣੀ ਦੇ ਫੇਸਬੁੱਕ ਪੇਜ ਤੇ ਇੱਕ ਖਬਰ ਮਿਲੀ , ਖਬਰ ਵਿੱਚ ਵਾਇਰਲ ਪੀ.ਡੀ.ਐਫ ਨੂੰ ਵੀ ਵੇਖਿਆ ਜਾ ਸਕਦਾ ਹੈ । ਖਬਰ ਅਨੁਸਾਰ ” ਚੌਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੌਣਾਂ ਨੂੰ ਲੈ ਕੇ ਇੱਕ ਐਲਾਨ ਕੀਤਾ ਹੈ , ਚੌਣ ਕਮਿਸ਼ਨ ਵੱਲੋਂ ਇੱਕ ਨੋਟਿਸ ਜਾਰੀ ਕਰਦਿਆਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਅਧਿਕਾਰੀ ਜਾ ਕਰਮਚਾਰੀ ਬੀਤੇ ਤਿੰਨ ਸਾਲਾਂ ਤੋਂ ਇੱਕ ਹੀ ਜ਼ਿਲ੍ਹੇ ਦੇ ਅੰਦਰ ਤਾਇਨਾਤ ਹੈ ਤਾਂ ਤੁਰੰਤ ਉਸਦੀ ਬਦਲੀ ਕਰ ਦਿੱਤੀ ਜਾਵੇ । ਇਸ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਦਾ ਕਾਰਜਕਾਲ 27 ਮਾਰਚ 2022 ਨੂੰ ਪੂਰਾ ਹੋ ਜਾਵੇਗਾ । ਪੂਰੀ ਖਬਰ ਇੱਥੇ ਵੇਖੋ ।
ਧਿਆਨ ਯੋਗ ਗੱਲ ਇਹ ਹੈ ਕਿ ਖਬਰ ਵਿੱਚ ਸਾਨੂੰ ਕਿਤੇ ਵੀ ਆਉਣ ਵਾਲਿਆਂ ਵਿਧਾਨ ਸਭਾ ਚੌਣਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ , ਜੇਕਰ ਵਿਧਾਨ ਸਭਾ ਚੌਣਾਂ ਦੀਆਂ ਤਾਰੀਖਾਂ ਦਾ ਐਲਾਨ ਹੁੰਦਾ ਤਾਂ ਖਬਰ ਵਿੱਚ ਜ਼ਰੂਰ ਹੁੰਦਾ , ਪਰ ਸਾਨੂੰ ਕੋਈ ਖਬਰ ਕਿਤੇ ਵੀ ਪ੍ਰਕਾਸ਼ਿਤ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਿੱਧੇ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਅਧਿਕਾਰਿਕ ਵੈੱਬਸਾਈਟ ਵੱਲ ਰੁੱਖ ਕੀਤਾ। ਇੱਥੇ ਅਸੀਂ ਵਿਧਾਨ ਸਭਾ ਚੌਣਾਂ ਬਾਰੇ ਸਰਚ ਕੀਤਾ , ਪਰ ਸਾਨੂੰ ਪੰਜਾਬ ਸਮੇਤ ਵੱਖ ਵੱਖ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਮਿਲੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਪੋਸਟ ਵਿੱਚ ਸ਼ੇਅਰ ਕੀਤੇ ਗਏ ਪੀ.ਡੀ.ਐਫ ਨੂੰ ਫਿਰ ਤੋਂ ਵੇਖਿਆ । ਅਸੀਂ ਪਾਇਆ ਕਿ ਵਾਇਰਲ ਹੋ ਰਹੀ ਪੀ.ਡੀ.ਐਫ ਵਿੱਚ ਪੰਜਾਬ ,ਉੱਤਰ ਪ੍ਰਦੇਸ਼ , ਉੱਤਰਾਖੰਡ , ਮਣੀਪੁਰ ਅਤੇ ਗੋਆ ਸਰਕਾਰ ਦੇ ਕਾਰਜਕਾਲ ਦੀ ਅਖੀਰਲੀ ਮਿਤੀ ਲਿਖੀ ਹੋਈ ਹੈ। ਸਾਨੂੰ ਵਾਇਰਲ ਹੋ ਰਹੀਆਂ ਪੀ.ਡੀ.ਐਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ’ ਦੀ ਅਧਿਕਾਰਿਕ ਵੈੱਬਸਾਈਟ ਤੇ ਵੀ ਮਿਲਿਆ , ਇਸ ਪੀ.ਡੀ.ਐਫ ਦੇ ਇੱਕ ਪੰਨੇ ਦੇ ਸਕ੍ਰੀਨਸ਼ਾਟ ਨੂੰ ਸੋਸ਼ਲ ਮੀਡਿਆ ਤੇ ਵਾਇਰਲ ਕੀਤਾ ਜਾ ਰਿਹਾ ਹੈ।
ਵੱਧ ਜਾਣਕਾਰੀ ਲਈ ਅਸੀਂ ਚੌਣ ਕਮਿਸ਼ਨ ਦੇ ਜੋਇੰਟ ਡਾਇਰੈਕਟਰ ਅਨੁਜ ਚਾਂਡਕ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਚੌਣ ਕਮਿਸ਼ਨ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ, ਜੋ ਪੀ.ਡੀ.ਐਫ ਦਾ ਸਕ੍ਰੀਨਸ਼ਾਟ ਵਾਇਰਲ ਹੋ ਰਿਹਾ ਹੈ ਉਹ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦਾ ਇੱਕ ਰੂਟੀਨ ਆਦੇਸ਼ ਹੈ। ਜੇਕਰ ਚੌਣ ਕਮਿਸ਼ਨ ਅਜਿਹਾ ਕੋਈ ਐਲਾਨ ਕਰਦੀ ਤਾਂ ਉਹ ਖਬਰ ਵਿੱਚ ਜ਼ਰੂਰ ਹੁੰਦਾ ਅਤੇ ਚੌਣ ਕਮਿਸ਼ਨ ਵੱਲੋਂ ਵੀ ਪ੍ਰੈਸ ਰਿਲੀਜ ਜਾਰੀ ਕੀਤੀ ਹੁੰਦੀ । ਖਬਰ ਪੂਰੀ ਤਰ੍ਹਾਂ ਗ਼ਲਤ ਹੈ।
ਹੁਣ ਵਾਰੀ ਸੀ ਫੇਸਬੁੱਕ ਤੇ ਇਸ ਫ਼ਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ Punjab News Agency ਦੀ ਸੋਸ਼ਲ ਸਕੈਨਿੰਗ ਕਰਨ ਦੀ। ਸਕੈਨਿੰਗ ਤੋਂ ਸਾਨੂੰ ਪਤਾ ਚਲਿਆ ਕਿ ਇਸ ਪੇਜ ਨੂੰ 1,850 ਲੋਕ ਫੋਲੋ ਕਰਦੇ ਹਨ ਅਤੇ ਇਸ ਫੇਸਬੁੱਕ ਪੇਜ ਨੂੰ 2 ਸਤੰਬਰ 2018 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਫਰਜ਼ੀ ਨਿਕਲੀ । ‘ਇਲੈਕਸ਼ਨ ਕਮਿਸ਼ਨ ਆਫ ਇੰਡੀਆ’ ਦੁਆਰਾ ਪੰਜਾਬ ਅਤੇ ਹੋਰ ਰਾਜਾ ਵਿੱਚ ਹੋਣ ਵਾਲਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਵਾਇਰਲ ਹੋ ਰਹੀ ਪੀ.ਡੀ.ਐਫ ਦਾ ਸਕ੍ਰੀਨਸ਼ਾਟ ਪੰਜਾਬ ਅਤੇ ਹੋਰਨਾਂ ਰਾਜਾਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੀ ਮਿਆਦ ਦੀ ਅਖੀਰਲੀ ਮਿਤੀ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।