Fact Check : ਬੀਬੀ ਜਗੀਰ ਕੌਰ ਨਹੀਂ ਹੋਏ ਭਾਜਪਾ ਵਿੱਚ ਸ਼ਾਮਿਲ, ਫਰਜੀ ਪੋਸਟ ਹੋਈ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਬੀਬੀ ਜਗੀਰ ਕੌਰ ਨੇ ਭਾਜਪਾ ਪਾਰਟੀ ਜੁਆਇਨ ਨਹੀਂ ਕੀਤੀ ਹੈ ਅਤੇ ਉਨ੍ਹਾਂ ਨੇ ਆਪ ਸੱਪਸ਼ਟੀਕਰਨ ਦੇ ਕੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
- By: Jyoti Kumari
- Published: Jan 21, 2022 at 03:33 PM
- Updated: Jan 30, 2022 at 01:06 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ਵਿੱਚ ਪੀਐਮ ਮੋਦੀ ਦੇ ਨਾਲ ਭਾਜਪਾ ਦੇ ਹੋਰ ਆਗੂਆਂ ਦੀ ਫੋਟੋ ਲੱਗੀ ਹੋਈ ਹੈ ਅਤੇ ਨਾਲ ਹੀ ਬੀਬੀ ਜਾਗੀਰ ਕੌਰ ਦੀ ਫੋਟੋ ਵੀ ਹੈ। ਪੋਸਟ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ SGPC ਦੀ ਪ੍ਰਧਾਨ ਬੀਬੀ ਜਗੀਰ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਭਾਜਪਾ ਬੀਬੀ ਜਗੀਰ ਕੌਰ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਜਲਦੀ ਐਲਾਨ ਕਰੇਗੀ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਅਤੇ ਪੜਤਾਲ ਵਿੱਚ ਵਾਇਰਲ ਪੋਸਟ ਦਾ ਦਾਅਵਾ ਫ਼ਰਜ਼ੀ ਪਾਇਆ। ਬੀਬੀ ਜਗੀਰ ਕੌਰ ਭਾਜਪਾ ਵਿੱਚ ਸ਼ਾਮਲ ਨਹੀਂ ਹੋਈ ਹੈ, ਉਨ੍ਹਾਂ ਵੱਲੋਂ ਆਪ ਇਸ ਤੇ ਸੱਪਸ਼ਟੀਕਰਨ ਦਿੱਤਾ ਗਿਆ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਪੇਜ “Shere punjab tv “ਨੇ 19 ਜਨਵਰੀ 2022 ਨੂੰ ਇਸ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਅਕਾਲੀ ਦੱਲ ਨੂੰ ਵੱਡਾ ਝੱਟਕਾ । ਬੀਬੀ ਜਗੀਰ ਕੌਰ ਭਾਜਪਾ ਚ ਹੋਈ ਸ਼ਾਮਿਲ।
ਬੀਬੀ ਜਗੀਰ ਕੌਰ ਨੂੰ ਭਾਜਪਾ ਮੁੱਖ ਮੰਤਰੀ ਦਾ ਚਿਹਰੇ ਵਜੋਂ ਜਲਦੀ ਕਰੇਗੀ ਐਲਾਨ।
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਾਇਰਲ ਦਾਅਵੇ ਨਾਲ ਜੁੜੀਆ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਅਸੀਂ ਤੁਹਾਨੂੰ ਦੱਸ ਦੇਈਏ ਕਿ ਜੇਕਰ ਬੀਬੀ ਜਗੀਰ ਕੌਰ ਭਾਜਪਾ ਵਿੱਚ ਸ਼ਾਮਲ ਹੁੰਦੇ ਤਾਂ ਹਰ ਪੰਜਾਬੀ ਮੀਡੀਆ ਅਦਾਰੇ ਨੇ ਇਸ ਮਾਮਲੇ ਨੂੰ ਕਵਰ ਕਰ ਲੈਣਾ ਸੀ, ਪਰ ਸਾਨੂੰ ਇਸ ਨਾਲ ਜੁੜੀ ਕੋਈ ਖਬਰ ਨਹੀਂ ਮਿਲੀ।
ਸਾਨੂੰ ਬੀਬੀ ਜਗੀਰ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਤਾਂ ਕੋਈ ਖਬਰ ਨਹੀਂ ਮਿਲੀ ਪਰ ਇਸ ਵਾਇਰਲ ਪੋਸਟ ਬਾਰੇ ਉਨ੍ਹਾਂ ਕੋਲੋਂ ਦਿੱਤਾ ਗਿਆ ਸੱਪਸ਼ਟੀਕਰਨ ਮਿਲਿਆ। PTC News ਦੇ ਫੇਸਬੁੱਕ ਪੇਜ ਤੇ 20 ਜਨਵਰੀ ਨੂੰ ਇਸ ਸਪਸ਼ਟੀਕਰਨ ਨਾਲ ਜੁੜਿਆ ਇੱਕ ਨਿਊਜ਼ ਵੀਡੀਓ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ,’ਭਾਜਪਾ ‘ਚ ਸ਼ਾਮਲ ਹੋਣ ਵਾਲੀਆਂ ਖ਼ਬਰਾਂ ਨੂੰ ਬੀਬੀ ਜਗੀਰ ਕੌਰ ਨੇ ਨਕਾਰਿਆ’ ਖਬਰ ਨਾਲ ਜੁੜੀ ਪੂਰੀ ਵੀਡੀਓ ਨੂੰ ਇੱਥੇ ਦੇਖੋ।
Daily Post Punjabi ਦੇ ਫੇਸਬੁੱਕ ਤੇ ਵੀ 19 ਜਨਵਰੀ ਨੂੰ ਇਸ ਮਾਮਲੇ ਨਾਲ ਜੁੜਿਆ ਵੀਡੀਓ ਮਿਲਿਆ। ਵੀਡੀਓ ਵਿੱਚ ਬੀਬੀ ਜਗੀਰ ਕੌਰ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ ਸ੍ਰੋਮਣੀ ਅਕਾਲੀ ਦਲ ਦੇ ਨਾਲ ਸਾਡਾ ਨਾਤਾ ਸੌ ਸਾਲ ਪੁਰਾਣਾ ਹੈ ਅਤੇ ਮੈਂ ਉਨ੍ਹਾਂ ਲੋਕਾਂ ਨੂੰ ਜਿਹੜੇ ਗੁੰਮਰਾਹਕੁੰਨ ਪੋਸਟ ਪਾਉਂਦੇ ਹਨ ਉਨ੍ਹਾਂ ਉੱਤੇ ਕਾਨੂੰਨੀ ਕਾਰਵਾਹੀ ਕੀਤੀ ਜਾਵੇਗੀ।’ ਵੀਡੀਓ ਨੂੰ ਇੱਥੇ ਵੇਖੋ।
ਅੱਗੇ ਅਸੀਂ ਬੀਬੀ ਜਗੀਰ ਕੌਰ ਦੇ ਫੇਸਬੁੱਕ ਅਕਾਊਂਟ ਵੱਲ ਰੁੱਖ ਕੀਤਾ , ਸਾਨੂੰ ਇਸ ਦਾਅਵੇ ਨੂੰ ਫਰਜ਼ੀ ਦੱਸਦੇ ਹੋਏ ਉਨ੍ਹਾਂ ਵੱਲੋਂ ਦਿੱਤਾ ਗਿਆ ਸੱਪਸ਼ਟੀਰਕਨ ਪੋਸਟ ਮਿਲਿਆ। ਬੀਬੀ ਜਗੀਰ ਕੌਰ ਨੇ 19 ਜਨਵਰੀ ਨੂੰ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਦੇ ਹੋਏ ਲਿਖਿਆ, ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੇਰੀ ਛਵੀ ਖਰਾਬ ਕਰਨ ਲਈ ਸੋਸ਼ਲ ਮੀਡੀਆ ਉੱਤੇ ਲਗਾਤਾਰ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਕਿ ਮੈਂ ਬੀਜੇਪੀ ਪੰਜਾਬ ਜੁਆਇਨ ਕਰ ਲਈ ਹੈ, ਜਦੋਂ ਕਿ ਇਸ ਸਭ ਦੇ ਉਲਟ ਮੈਂ ਆਪਣੇ ਹਲਕੇ ਵਿੱਚ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਵਿੱਚ ਰੁੱਝੀ ਹੋਈ ਹਾਂ, ਮੈਂ ਅਤੇ ਮੇਰਾ ਪਰਿਵਾਰ ਅੱਜ ਤੌਂ ਹੀ ਨਹੀਂ ਬਲਕਿ ਪਿਛਲੇ ਸੌ ਸਾਲਾਂ ਤੌਂ ਅਕਾਲੀ ਦਲ ਨਾਲ ਸੀ ਤੇ ਹਮੇਸ਼ਾਂ ਅਕਾਲੀ ਦਲ ਨਾਲ ਹੀ ਰਹਾਂਗੇ। ਹਲਕੇ ਵਿੱਚ ਜਨਤਾ ਦੁਆਰਾ ਅਕਾਲੀ ਦਲ ਨੂੰ ਮਿਲ ਰਿਹਾ ਪਿਆਰ ਦੇਖ ਕੇ ਵਿਰੋਧੀਆਂ ਦੀਆਂ ਨੀਂਦਾਂ ਉੱਡੀਆਂ ਹੋਈਆਂ ਹਨ ਇਸ ਕਰਕੇ ਇਸ ਤਰ੍ਹਾਂ ਦਾ ਗ਼ਲਤ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਰਿਆ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਗਲਤ ਪ੍ਰਚਾਰ ਤੋਂ ਸੁਚੇਤ ਰਹੋ ਅਤੇ ਸ੍ਰੋਮਣੀ ਅਕਾਲੀ ਦਲ ਦਾ ਡਟ ਕੇ ਸਹਿਯੋਗ ਦਿਓ ਜੀ । 🙏🙏🙏’
ਹੁਣ ਅਸੀਂ ਇਸ ਮਾਮਲੇ ਵਿੱਚ ਜਾਣਕਾਰੀ ਲਈ ਬੀਬੀ ਜਗੀਰ ਕੌਰ ਨਾਲ ਸੰਪਰਕ ਕੀਤਾ। ਉਨ੍ਹਾਂ ਦੇ PA ਅਮਰੀਕ ਸਿੰਘ ਨਾਲ ਸਾਡੀ ਗੱਲ ਹੋਈ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਖਬਰ ਫਰਜੀ ਹੈ। ਬੀਬੀ ਜਗੀਰ ਨੇ ਭਾਜਪਾ ਜੁਆਇਨ ਨਹੀਂ ਕੀਤੀ ਹੈ। ਸੋਸ਼ਲ ਮੀਡਿਆ ਤੇ ਫਰਜੀ ਪੋਸਟਾਂ ਵਾਇਰਲ ਹੋ ਰਹੀਆਂ ਹਨ।
ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਕਪੂਰਥਲਾ ਦੇ ਬਿਊਰੋ ਚੀਫ Amrik Malhi ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪੋਸਟ ਫਰਜੀ ਹੈ ਅਤੇ ਬੀਬੀ ਜਗੀਰ ਕੌਰ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ Shere punjab tv ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਦੇ 13K ਫੋਲੋਵਰਸ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਬੀਬੀ ਜਗੀਰ ਕੌਰ ਨੇ ਭਾਜਪਾ ਪਾਰਟੀ ਜੁਆਇਨ ਨਹੀਂ ਕੀਤੀ ਹੈ ਅਤੇ ਉਨ੍ਹਾਂ ਨੇ ਆਪ ਸੱਪਸ਼ਟੀਕਰਨ ਦੇ ਕੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
- Claim Review : ਅਕਾਲੀ ਦੱਲ ਨੂੰ ਵੱਡਾ ਝੱਟਕਾ । ਬੀਬੀ ਜਗੀਰ ਕੌਰ ਭਾਜਪਾ ਚ ਹੋਈ ਸ਼ਾਮਿਲ। ਬੀਬੀ ਜਗੀਰ ਕੌਰ ਨੂੰ ਭਾਜਪਾ ਮੁੱਖ ਮੰਤਰੀ ਦਾ ਚਿਹਰੇ ਵਜੋਂ ਜਲਦੀ ਕਰੇਗੀ ਐਲਾਨ।
- Claimed By : Shere punjab tv
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...