ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਹੋ ਰਿਹਾ ਦਾਅਵਾ ਭ੍ਰਮਕ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਸਦੀਕ MP ਬਣਨ ਤੋਂ ਬਾਅਦ ਪਹਿਲੀ ਵਾਰ ਸੰਸਦ ਗਏ ਸਨ। ਪੁਰਾਣੇ ਵੀਡੀਓ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਸੋਸ਼ਲ ਮੀਡਿਆ ਤੇ ਪੰਜਾਬ ਦੇ ਲੋਕ ਪ੍ਰਸਿੱਧ ਗਾਇਕ ਅਤੇ ਕਾਂਗਰਸੀ ਐਮ.ਪੀ ਮੁਹੰਮਦ ਸਦੀਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। 4 ਮਿੰਟ ਦੇ ਇਸ ਵੀਡੀਓ ਵਿੱਚ ਉਨ੍ਹਾਂ ਨੂੰ ਸੰਸਦ ਵਿੱਚ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਵਾਇਰਲ ਵੀਡੀਓ ਵਿੱਚ ਸਦੀਕ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਦੱਸਦੇ ਅਤੇ 2019-20 ਦੇ ਬਜਟ ਦਾ ਜਿਕਰ ਕਰਦੇ ਸੁਣੇ ਜਾ ਸਕਦੇ ਹਨ। ਹੁਣ ਇਸ ਵੀਡੀਓ ਨੂੰ ਯੂਜ਼ਰਸ ਹਾਲੀਆ ਦੱਸਕੇ ਵਾਇਰਲ ਕਰਦਿਆਂ ਮੁਹੰਮਦ ਸਦੀਕ ਤੇ ਤੰਜ ਕੱਸ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਵਿਸਤਾਰ ਨਾਲ ਵੀਡੀਓ ਦੀ ਜਾਂਚ ਕੀਤੀ ਅਤੇ ਇਸਨੂੰ ਭ੍ਰਮਕ ਪਾਇਆ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਸਦੀਕ MP ਬਣਨ ਤੋਂ ਬਾਅਦ ਪਹਿਲੀ ਵਾਰ ਸੰਸਦ ਗਏ ਸਨ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ Punjab Politix ਨੇ 2 ਅਪ੍ਰੈਲ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ,’ਲੱਖ ਦੀ ਲਾਹਨਤ ਆ ਜਿੰਨਾਂ ਨੇ ਇਸ ਬੰਦੇ ਨੂੰ ਵੋਟਾਂ ਪਾਈਆਂ ਮੁਹੰਮਦ ਸਦੀਕ ਦੇਖੋ ਹੱਕਾ ਸਬੰਧੀ ਬੋਲਦਾ ਹੋਇਆ’
ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਫੇਸਬੁੱਕ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਗੌਰ ਨਾਲ ਦੇਖਿਆ ਅਤੇ ਸੁਣਿਆ। ਵਾਇਰਲ ਵੀਡੀਓ ਵਿੱਚ ਮੁਹੰਮਦ ਸਦੀਕ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਦੱਸਦੇ ਹੋਏ ਅਤੇ 2019-20 ਦੇ ਬਜਟ ਬਾਰੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ। ਮਤਲਬ ਇਹ ਗੱਲ ਤਾਂ ਸਾਫ ਹੈ ਕਿ ਵੀਡੀਓ ਹਾਲੀਆ ਨਹੀਂ ਹੈ। ਕਿਉਂਕਿ ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹਨ।
ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸੰਬੰਧਿਤ ਕੀਵਰਡ ਨਾਲ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ 2019 ਦੀਆਂ ਕਈ ਖਬਰਾਂ ਮਿਲੀਆਂ। ਕਿਉਂਕਿ ਵਾਇਰਲ ਵੀਡੀਓ ਵਿੱਚ YOYO TV ਦਾ ਵਾਟਰਮਾਰਕ ਲਿਖਿਆ ਦਿੱਖ ਰਿਹਾ ਹੈ, ਇਸ ਲਈ ਅਸੀਂ ਸਭ ਤੋਂ ਪਹਿਲਾਂ YOYO TV ਦੇ ਯੂਟਿਊਬ ਚੈਨਲ ਤੇ ਇਸਦੀ ਖੋਜ ਸ਼ੁਰੂ ਕੀਤੀ। ਸਰਚ ਵਿੱਚ ਸਾਨੂੰ YOYO TV Kannada ਦੇ ਯੂਟਿਊਬ ਚੈਨਲ ਤੇ 10 ਜੁਲਾਈ 2019 ਨੂੰ ਇਹ ਵੀਡੀਓ ਅਪਲੋਡ ਮਿਲਿਆ। 7 ਮਿੰਟ 18 ਸੈਕੰਡ ਦੇ ਇਸ ਵੀਡੀਓ ਵਿੱਚ ਵਾਇਰਲ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ।
Jagbani ਨੇ 11 ਜੁਲਾਈ 2019 ਨੂੰ ਮੁਹੰਮਦ ਸਦੀਕ ਦੇ ਭਾਸ਼ਣ ਨੂੰ ਲੈ ਕੇ ਖਬਰ ਅਪਲੋਡ ਕਰਦਿਆਂ ਲਿਖਿਆ, “Mohammad Sadiq ਦਾ Lok Sabha ‘ਚ ਪਹਿਲਾ ਪੰਜਾਬੀ ਸਿਆਸੀ ਅਖਾੜਾ” ਖਬਰ ਦੇ ਅਨੁਸਾਰ ਇਹ ਮੁਹੰਮਦ ਸਦੀਕ ਦਾ MP ਬਣਨ ਤੋਂ ਬਾਅਦ ਦਾ ਸੰਸਦ ਵਿੱਚ ਪਹਿਲਾ ਭਾਸ਼ਣ ਸੀ। ਇਸ ਵੀਡੀਓ ਨੂੰ ਇੱਥੇ ਕਲਿਕ ਕਰਕੇ ਵੇਖਿਆ ਜਾ ਸਕਦਾ ਹੈ।
Hamdard Media Group Canada ਦੇ ਯੂਟਿਊਬ ਚੈਨਲ ਤੇ 11 ਜੁਲਾਈ 2019 ਨੂੰ ਸਦੀਕ ਦੇ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਸੀ ਅਤੇ ਲਿਖਿਆ ਗਿਆ ਸੀ ,’ਮੁਹੰਮਦ ਸਦੀਕ ਨੇ ਹਾਸਿਆਂ ਨਾਲ ਰਗੜਿਆ ਮੋਦੀ… ਭਾਸ਼ਣ ਦੇ ਕੱਢੇ ਵੱਟ…ਕਿਹਾ, ਮੋਦੀ ਦੇ ਲਾਰੇ ਵਿਆਹੇ ਵੀ ਕੁਆਰੇ’ 7 ਮਿੰਟ 19 ਸੈਕੰਡ ਦੇ ਇਸ ਵੀਡੀਓ ਵਿੱਚ ਵਾਇਰਲ ਵੀਡੀਓ ਵਾਲੇ ਹਿੱਸੇ ਨੂੰ ਸਾਫ – ਸਾਫ ਸੁਣਿਆ ਜਾ ਸਕਦਾ ਹੈ।
ਸਾਡੀ ਇੱਥੋਂ ਤੱਕ ਦੀ ਜਾਂਚ ਤੋਂ ਇਹ ਤਾਂ ਸਾਫ ਸੀ ਕਿ ਵਾਇਰਲ ਵੀਡੀਓ 2019 ਦਾ ਹੈ। ਜਿਸਨੂੰ ਹੁਣ ਵਾਇਰਲ ਕੀਤਾ ਜਾ ਰਿਹਾ ਹੈ। ਇਸ ਬਾਰੇ ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਨੈਸ਼ਨਲ ਬਿਊਰੋ ਚੀਫ ਆਸ਼ੂਤੋਸ਼ ਝਾਅ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਪੁਰਾਣਾ ਹੈ। ਇਸਦਾ ਹਾਲੀਆ ਸਮੇਂ ਨਾਲ ਕੋਈ ਸੰਬੰਧ ਨਹੀਂ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਹੁਣ ਵਾਇਰਲ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਵਿੱਚ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 34,022 ਲੋਕ ਫੋਲੋ ਕਰਦੇ ਹਨ। ਫੇਸਬੁੱਕ ਤੇ ਇਸ ਪੇਜ ਨੂੰ 17 ਨਵੰਬਰ 2016 ਵਿੱਚ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਹੋ ਰਿਹਾ ਦਾਅਵਾ ਭ੍ਰਮਕ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਸਦੀਕ MP ਬਣਨ ਤੋਂ ਬਾਅਦ ਪਹਿਲੀ ਵਾਰ ਸੰਸਦ ਗਏ ਸਨ। ਪੁਰਾਣੇ ਵੀਡੀਓ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।